ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਪੁਲਿਸ ਅਕੈਡਮੀ ਫਿਲੌਰ ਦਾ ਦੌਰਾ
ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਪੁਲਿਸ ਅਕੈਡਮੀ ਫਿਲੌਰ ਦਾ ਦੌਰਾ
ਫਰੀਦਕੋਟ ਬਾਬਾ ਫਰੀਦ ਲਾਅ ਕਾਲਜ ਦੇ ਬੀ.ਏ.ਐਲ.ਐਲ.ਬੀ (ਪੰਜ ਸਾਲਾ ਕੋਰਸ) ਸਾਲ-ਪੰਜਵਾਂ ਦੇ ਫੌਰੈਂਸਿਕ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਦਾ ਅਕੈਡਮਿਕ ਦੌਰਾ ਕੀਤਾ। ਵਿਦਿਆਰਥੀਆਂ ਨੇ ਉੱਥੇ ਫੌਰੈਂਸਿਕ ਸਾਇੰਸ ਲੈਬ ਅਤੇ ਸਟੇਟ ਫਿੰਗਰ ਪ੍ਰਿੰਟ ਬਿਊਰੋ ਦੇਖਿਆ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸ਼੍ਰੀਮਤੀ ਅਨੀਤਾ ਪੁੰਜ , ਆਈ.ਪੀ.ਐਸ (ਏ.ਡੀ.ਜੀ.ਪੀ-ਕਮ-ਡਾਇਰੈਕਟਰ ਪੀ.ਪੀ.ਏ.) ਫਿਲੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨਾਂ ਇਸ ਅਕੈਡਮਿਕ ਦੌਰੇ ਸਬੰਧੀ ਸਹਿਯੋਗ ਦਿੱਤਾ। ਇਸ ਦੌਰਾਨ ਮਾਹਿਰ ਨਿਸ਼ਾਨ ਚੰਦ (ਐਚ.ਓ.ਡੀ. ਫੌਰੈਂਸਿਕ ਸਾਇੰਸ ਲੈਬ), ਡਾ. ਜਸਵਿੰਦਰ ਸਿੰਘ (ਐਚ.ਓ.ਡੀ. ਸੋਸ਼ਲ ਸਾਇੰਸਿਜ਼), ਸ਼੍ਰੀਮਤੀ ਹਰਭਜਨ ਕੌਰ (ਡਾਇਰੈਕਟਰ, ਫਿੰਗਰ ਪ੍ਰਿੰਟ ਬਿਊਰੋ), ਮਾਹਿਰ ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਹਰਜਿੰਦਰ ਸਿੰਘ (ਪੁਲਿਸ ਡਿਪਾਰਟਮੈਂਟ) ਅਤੇ ਟੀਮ ਨੇ ਵਿਦਿਆਰਥੀਆਂ ਨੂੰ ਫੌਰੈਂਸਿਕ ਸਾਇੰਸ ਲੈਬ ਅਤੇ ਫਿੰਗਰਪ੍ਰਿੰਟ ਬਿਊਰੋ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਡੀ.ਐਨ.ਏ ਟੈਸਟ, ਪੋਲੋਗ੍ਰਾਫੀ ਟੈਸਟ, ਨਾਰਕੋ ਟੈਸਟ, ਡੈਟੋਨੇਟਰ, ਫੁੱਟ ਪ੍ਰਿੰਟ, ਵੱਖ-ਵੱਖ ਤਰਾਂ ਦੇ ਜਿਵੇਂ ਕਿ ਬਾਇਲੋਜੀਕਲ, ਕੈਮੀਕਲ ਅਤੇ ਫਿਜੀਕਲ ਸਬੂਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੰਤਰਾਂ ਬਾਰੇ ਵੀ ਦੱਸਿਆ ਜਿਵੇਂ ਕਿ ਐਪੀਡੀ ਸਕੋਪ, ਮਾਇਕ੍ਰੋਸਕੋਪ ਸਟੀਰੋਜੋਨ, ਬਲਾਸਟਿੰਗ ਕੈਪ, ਗੰਨ ਪਾਊਡਰ ਅਤੇ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੌਕਾ-ਏ-ਵਾਰਦਾਤ ਉੱਪਰ ਮੌਜੂਦਾ ਸਬੂਤਾਂ ਨੂੰ ਇਕੱਠਾ ਕਰਨ ਅਤੇ ਵੱਖ-ਵੱਖ ਯੰਤਰਾਂ ਅਤੇ ਕੈਮੀਕਲ ਪਾਊਡਰਾਂ ਨਾਲ ਫਿੰਗਰ ਪ੍ਰਿੰਟ ਚੁੱਕਣ ਦਾ ਪ੍ਰੈਕਟੀਕਲ ਢੰਗ ਵੀ ਦੱਸਿਆ ਅਤੇ ਲਵਾਰਿਸ ਲਾਸ਼ਾਂ ਦੇ ਫਿੰਗਰ ਪ੍ਰਿੰਟ ਲੈ ਕੇ ਉਹਨਾਂ ਨੂੰ ਲੈਬ ਵਿਚ ਪਏ ਰਿਕਾਰਡ ਨਾਲ ਮਿਲਾ ਕੇ ਲਾਸ਼ ਦੀ ਪਛਾਣ ਕਰਨ ਦਾ ਵੀ ਢੰਗ ਦੱਸਿਆ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਸ ਅਕੈਡਮਿਕ ਟੂਰ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਨੂੰ ਅਜਿਹੇ ਅਕੈਡਮਿਕ ਦੌਰਿਆਂ ਵਿੱਚ ਭਾਗ ਲੈ ਕੇ ਆਪਣੀ ਪ੍ਰੈਕਟੀਕਲ ਜਾਣਕਾਰੀ ਵਿੱਚ ਵਾਧਾ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰਾਂ ਦੇ ਦੌਰੇ ਕਰਵਾਉਂਦੇ ਰਹਾਂਗੇ। ਕਾਲਜ ਦੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਕਿਹਾ ਕਿ ਕਾਨੂੰਨ ਦੀ ਪੜ੍ਹਾਈ ਦੇ ਖੇਤਰ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਜਾਣਕਾਰੀ ਅਤਿ ਜਰੂਰੀ ਹੈ ਜਿਸ ਨਾਲ ਵਿਦਿਆਰਥੀ ਮਾਨਸਿਕ ਤੌਰ ਤੇ ਪਰੀਪੱਕ ਹੁੰਦੇ ਹਨ, ਉਹਨਾਂ ਕਾਲਜ ਦੇ ਟੀਚਰ ਸਾਹਿਬਾਨਾਂ ਡਾ. ਮੋਹਣ ਸਿੰਘ ਸੱਗੂ, ਮਿਸ ਦੀਪਿਕਾ ਕੰਵਰ (ਵਿਜਿਟ ਇੰਚਾਰਜ) ਅਤੇ ਵਿਦਿਆਰਥੀਆਂ ਨੂੰ ਇਸ ਦੌਰੇ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ।